ਹਰਿਮੰਦਰ ਸਾਹਿਬ
ਵਿਕਿਪੀਡਿਆ ਤੋਂ
ਹਰਿਮੰਦਰ ਸਾਹਿਬ, ਅੰਗਰੇਜ਼ੀ ਭਾਸ਼ਾ ਵਿਚ ‘ਗੋਲਡਨ ਟੈਂਪਲ’ ਦੇ ਨਾਂ ਨਾਲ ਦੁਨੀਆਂ ਵਿਚ ਜਾਣਿਆ ਜਾਂਦਾ ,ਸਿਖਾਂ ਦਾ ਸਭ ਤੌਂ ਪਵਿੱਤਰ ਤੇ ਪ੍ਰਸਿਧ ਧਰਮ-ਅਸਥਾਨ ਹੈ।ਇਸ ਨੂੰ ‘ਦਰਬਾਰ ਸਾਹਿਬ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਇਹ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਵਿਚਕਾਰ ਵਾਕਿਆ ਹੈ।ਇਸ ਦਾ ਮੁਢਲਾ ਸਰੂਪ ਗੁਰੂ ਅਰਜਨ ਸਾਹਿਬ(੧੫੬੩-੧੬੦੬) ਨੇ ਆਪ ਉਲੀਕਿਆ ਜਿਸ ਵਿਚ ਇਕ ਇਮਾਰਤ ਜਿਸ ਦੀਆਂ ਚਾਰੇ ਦਿਸ਼ਾਵਾਂ ਵਿਚ ਦਰਵਾਜੇ ਹੋਣ ਜੋ ਇਸ ਨੁੰ ਬਿਨਾ ਕਿਸੇ ਦੇ ਜਾਤ ਪਾਤ ਯਾ ਫਿਰਕੇ ਦੇ ਹਰ ਕਿਸੇ ਦੀ ਪਹੂੰਚ ਵਿਚ ਹੋਣ ਦੇ ਲਖਾਇਕ ਹਨ।ਗੁਰੂ ਜੀ ਨੇ ਇਸ ਦਾ ਨੀਂਹ ਪੱਥਰ ਇਕ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ (੧੫੫੦-੧੬੩੫) ਪਾਸੌਂ ੨੮ ਦਸੰਬਰ ੧੫੮੮ ਨੂੰ ਰਖਵਾਇਆ।ਇਸ ਤੌਂ ਪਹਿਲਾਂ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦਾ ਕੰਮ ਸ੍ਰੀ ਗੁਰੂ ਰਾਮਦਾਸ (੧੫੩੪-੮੧) ਇਸ ਜ਼ਮੀਨ ਤੇ ,ਜੋਕਿ ਕੁਝ ਹਵਾਲਿਆਂ ਮੁਤਾਬਕ ਤੁੰਗ ਪਿੰਡ ਦੇ ਵਸਨੀਕਾਂ ਪਾਸੌਂ ਖਰੀਦੀ ਗਈ ਤੇ ਕੁਝ ਹੋਰ ਮੁਤਾਬਕ ਸਮਰਾਟ ਅਕਬਰ ਵਲੌਂ ਬੀਬੀ ਭਾਨੀ ਨੂੰ ਉਨ੍ਹਾਂ ਦੀ ਗੁਰੂ ਰਾਮਦਾਸ ਜੀ ਨਾਲ ਸ਼ਾਦੀ ਵੇਲੇ ਤੁਹਫ਼ੇ ਵਜੌਂ ਭੇਂਟ ਕੀਤੀ ਗਈ ਸੀ,ਅਰੰਭ ਕਰਵਾ ਚੁੱਕੇ ਸਨ।ਸਰੋਵਰ ਨੂੰ ਪੱਕਾ ਕੲਵਾਉਣ ਦਾ ਕੰਮ ਗੁਰੂਅਰਜਨ ਸਾਹਿਬ ਨੇ ਕਰਵਾਇਆ ਤੇ ਇਸ ਸਰੋਵਰ ਦੇ ਵਿਚਕਾਰ ਹੀ ਹਰਿਮੰਦਰ ਸਾਹਿਬ ਦਿ ਇਮਾਰਤ ਉੱਸਰਵਾਈ ਗਈ ਜਿਸ ਦੀ ਕਾਰ ਸੇਵਾ ਸਿਖਾਂ ਨੇ ਆਪਣੇ ਹੱਥਾਂ ਨਾਲ ਸੇਵਾ ਕਰ ਕੇ ਕੀਤੀ।ਹਰਿਮੰਦਰ ਸਾਹਿਬ ਦੇ ਅੰਦਰ ,੧੬ ਅਗਸਤ ੧੬੦੪ ਵਿਚ,ਸ੍ਰੀ ਗੁਰੂ ਗਰੰਥ ਸਾਹਿਬ,ਜਿਸ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ ਸੀ, ਦੇ ਸੁਸ਼ੋਭਤ ਹੋਣ ਨਾਲ ਇਹ ਪੂਰੀ ਤਰ੍ਹਾਂ ਹੌਂਦ ਵਿਚ ਆਇਆ।ਭਾਈ ਬੁੱਢਾ ਜੀ ਜੋਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਇਕ ਬੜੇ ਸਤਕਾਰੇ ਤੇ ਮੰਨੇ ਪ੍ਰਮੰਨੇ ਸਿਖ ਸਨ ,ਨੂੰ ਹਰਿਮੰਦਰ ਸਾਹਿਬ ਦੇ ਪਹਿਲੇ ਗਰੰਥੀ ਥਾਪਿਆ ਗਿਆ।ਗੁਰੂ ਅਰਜਨ ਸਾਹਿਬ ਨੇ ਰੋਜ਼ ਦੀ ਮਰਯਾਦਾ ਬੱਧੀ ਜੋਕਿ ਅਜਕਲ ਵੀ ਉਸੇ ਤਰਾਂ ਚਲਾਈ ਜਾਂਦੀ ਹੈ। ਸਾਰ ਦਿਨ ਤੇ ਰਾਤ ਦੇ ਵੀ ਪ੍ਰਮੁਖ ਹਿੱਸੇ ਵਿਚ ਗੁਰਬਾਣੀ ਕੀਰਤਨ ਹੁੰਦਾ ਰਹਿੰਦਾ ਹੈ ਜੋਕਿ ਰੁਤ ਅਨੁਸਾਰ ਤੜਕੇ ਵੇਲੇ ੨ ਤੌਂ ੩ ਵਜਟ ਵਿਚ ਸ਼ੁਰੂ ਹੋ ਜਾਂਦਾ ਹੈ।ਪਵਿਤਰ ਗਰੰਥ ਨੂੰ ਫਿਰ ਸੁਖਆਸਨ ਕਰਕੇ ਸ਼ਬਦ ਗਾਇਣ ਕਰਦੇ ਹੋਏ ,ਪਾਲਕੀ ਵਿਚ ਸਵਾਰੀ ਕਰਕੇ ਕੋਠਾ ਸਾਹਿਬ ( ਉਨ੍ਹਾਂ ਦਿਨਾਂ ਵਿਚ ਗੁਰੂ ਕੇ ਮਹਿਲ) ਤੇ ਅਜਕਲ ਅਕਾਲ ਬੁੰਗੇ ਵਿਖੇ ਸਥਿਤ ਕੋਠਾ ਸਾਹਿਬ ਵਿਚ ਬਿਸਰਾਮ ਲਈ ਲਿਜਾਇਆਂ ਜਾਂਦਾ ਹੈ।
ਜਦੌਂ ੧੬੩੫ ਵਿਚ ਗੁਰੂ ਹਰਗੋਬੀੰਦ ਸਾਹਿਬ ਗੁਰੂ ਕਾ ਚੱਕ (ਸ੍ਰੀ ਅੰਮ੍ਰਿਤਸਰ ) ਛਡ ਕੇ ਕੀਰਤਪੁਰ ਸਾਹਿਬ ਚਲੇ ਗਏ ਤਾਂ ਉਨ੍ਹੀਂ ਦਿਨੀਂ ਹਰਿਮੰਦਰ ਸਾਹਿਬ ਦਾ ਪ੍ਰਬੰਧ ਗੁਰੂ ਘਰ ਤੌਂ ਛੇਕੇ ਗਏ ਮੀਣੇ(ਪ੍ਰਿਥੀ ਚੰਦ ਦੇ ਵਾਰਸਾਂ ) ਕੋਲ ਚਲਾ ਗਿਆ।ਨੌਂਵੇ ਨਾਨਕ ਗੁਰੂ ਤੇਗ ਬਹਾਦਰ ਜਦੌਂ ੧੬੬੪ ਵਿਚ ਹਰਿਮੰਦਰ ਤੇ ਅੰਮ੍ਰਿਤਸਰ ਦਰਸ਼ਨਾਂ ਨੂੰ ਆਏ ਤਾਂ ਇਨ੍ਹਾਂ ਨੇ ਉਨ੍ਹਾਂ ਨੂੰ ਅੰਦਰ ਨਾ ਜਾਣ ਦਿਤਾ ਅਤੇ ਦਰਵਾਜੇ ਬੰਦ ਕਰ ਲਏ। ਅੰਮ੍ਰਿਤਸਰ ਦੀਆਂ ਸੰਗਤਾਂ ਦੇ ਬੇਨਤੀ ਕਰਨ ਤੇ ,੧੬੯੯ ਦੀ ਵਿਸਾਖੀ ਨੂੰ ਖਾਲਸਾ ਸਾਜਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭਾਈ ਭੁਪਾਲ ਸਿੰਘ,ਭਾਈ ਗੁਲਜ਼ਾਰ ਸਿੰਘ ,ਕੇਹਰ ਸਿੰਘ ,ਦਾਨ ਸਿੰਘ ,ਕੀਰਤ ਸਿੰਘ ਪੰਜ ਸਾਥੀਆਂ ਨਾਲ ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਅੰਮ੍ਰਿਤਸਰ ਭੇਜਿਆ। ੧੭੦੯ ਤੌਂ ੧੭੬੫ ਦਾ ਸਮਾਂ ਅੰਮ੍ਰਿਤਸਰ ਤੇ ਹਰਿਮੰਦਰ ਸਾਹਿਬ ਲਈ ਬਹੁਤ ਉਥਲ ਪੁਥਲ ਵਾਲਾ ਸੀ।੧੭੩੩ ਵਿਚ ਜਦੌਂ ਜ਼ਕਰਿਆਂ ਖਾਨ ਨੇ ਸਿਖਾਂ ਦੇ ਪ੍ਰਤਿਨਿਧ ਸ੍ਰ: ਕਪੂਰ ਸਿੰਘ ਨੂੰ ਨਵਾਬੀ ਦੀ ਖਿਲਅਤ ਭੇਟ ਕੀਤੀ ਤਾਂ ਹਰਿਮੰਦਰ ਸਾਹਿਬ ਵਿਖੇ ਕੁਝ ਸਮਾਂ ਗੁਰੂ ਹਰਗੋਬੀੰਦ ਸਾਹਿਬ ਦੇ ਸਮੇਂ ਵਾਲੀ ਰੌਣਕ ਵਾਲਾ ਬਣ ਗਿਆ ।ਪਰੰਤੂ ੧੭੩੫ ਵਿਚ ਅਹਿਦਨਾਮਾ ਟੁੱਟ ਜਾਣ ਕਰਕੇ ਸਿਖਾਂ ਨੂੰ ਫਿਰ ਜੰਗਲਾਂ ਵਲ ਜਾਣਾ ਪਿਆ। ਸਰਬਰਾਹ ਭਾਈ ਮਨੀ ਸਿੰਘ ਨੁੰ ਬੰਦੀ ਬਣਾ ਲਿਆ ਗਿਆ ਤੇ ੧੭੩੭ ਵਿਚ ਕਤਲ ਕਰ ਦਿਤਾ ਗਿਆ।ਇਕ ਰਾਜਪੂਤ ਜ਼ਮੀਂਦਾਰ ਮੱਸੇ ਰੰਘੜ ਨੁੰ ਅੰਮ੍ਰਿਤਸਰ ਦਾ ਕੋਤਵਾਲ ਥਾਪ ਕੇ ਸ਼ਹਿਰ ਕਬਜ਼ੇ ਵਿਚ ਕਰ ਲਿਆ ਗਿਆ।ਮੱਸੇ ਰੰਘੜ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਸਰੋਵਰ ਨੂੰ ਪੂਰ ਦਿਤਾ ਅਤੇ ਇਥੇ ਕੰਝਰੀਆਂ ਦੇ ਨਾਚ ਕਰਨ ਦਾ ਅੱਡਾ ਬਣਾ ਲਿਆ।ਇਸ ਅਪਵਿੱਤਰਤਾ ਤੇ ਅਪਮਾਨ ਦਾ ਬਦਲਾ ਲੈਣ ਲਈ ਮੀਰਾਂ ਕੋਟ ਦੇ ਭਾਈ ਮਤਾਬ ਸਿੰਘ ਤੇ ਮਾੜੀ ਕੰਬੋਕੇ ਦੇ ਭਾਈ ਸੁਖਾ ਸਿੰਘ ਨੇ ਭੇਸ ਵਟਾ ਕੇ ਹਰਿਮੰਦਰ ਸਾਹਿਬ ਆ ਦਾਖ਼ਲ ਹੋਏ ਮੱਸੇ ਰੰਘੜ ਦਾ ਸਿਰ ਜਾ ਵੱਢਿਆ ਤੇ ਸੁਰੱਖਿਅਤ ਵਾਪਸ ਆਪਣਾ ਡੇਰੇ ਪਰਤ ਆਏ।ਇਹ ਵਾਕਿਆ ੧੧ ਅਗਸਤ ੧੭੪੦ ਦਾ ਹੈ।੧੭੫੩ ਵਿਚ ਮੀਰ ਮੰਨੂ ਦੀ ਮੌਤ ਤੌਂ ਬਾਦ ਸਿਖਾਂ ਦਾ ਹਰਿਮੰਦਰ ਸਾਹਿਬ ਲਗਭਗ ਸੁਤੰਤਰ ਆਣਾ ਜਾਣਾ ਸੀ।ਦਿਲੀ ਸਰਕਾਰ ਦਾ ਪੰਜਾਬ ਤੇ ਕੰਟ੍ਰੋਲ ਨਾਮ ਮਾਤ੍ਰ ਸੀ ਤੇ ਸਿਖ ਵਖ ਵਖ ਮਿਸਲਾਂ ਦੇ ਪ੍ਰਬੰਧ ਹੇਠ ਰਾਖੀ ਸਿਸਟਮ ਦੁਆਰਾ ਪੰਜਾਬ ਦਾ ਪ੍ਰਬੰਧ ਚਲਾ ਰਹੇ ਸੀ। ਅੰਮ੍ਰਿਤਸਰ ਦਾ ਇਲਾਕਾ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਦੇ ਪ੍ਰਬੰਧ ਹੇਠ ਸੀ।੧੭੬੨ ਵਿਚ ੳਾਪੇ ਛੇਵੇਂ ਹੱਲੇ ਵੇਲੇ ਅਹਿਮਦ ਸ਼ਾਹ ਦੁਰਾਨੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ।ਉਸੇ ਸਾਲ ਦਿਵਾਲੀ ਵੇਲੇ ਸਿੰਘ ਫਿਰ ਹਰਿਮੰਦਰ ਸਾਹਿਬ ਇਕੱਠੇ ਹੋਏ ।੧੭੬੪ ਵਿਚ ਸਰਹੰਦ ਫ਼ਤਹ ਕਰਨ ਪਿਛੌਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀਆਂ ਮਿਸਲਾਂ ਨੁੰ ਇਕ ਮੁੱਠ ਕੀਤਾ ਤੇ ਹਰਿਮੰਦਰ ਸਾਹਿਬ ਦੀ ਮੁੜ ਉਸਾਰਿ ਲਈ ਫੰਡ ਇਕੱਠਾ ਕਰਨ ਦਾ ਹੁਕਮ ਜਾਰੀ ਕੀਤਾ।ਮਿਸਲਾਂ ਦੇ ਸਰਦਾਰ ਆਪਣੇ ਜਿੱਤੇ ਹੋਏ ਮਾਲ ਦਾ ਇਕ ਹਿਸਾ ਇਸ ਫ਼ੰਡ ਲਇ ਰਾਕਵਾਂ ਰਖਦੇ।ਇਸ ਤਰਾਂ ਇਕੱਠੀ ਕਿਤੀ ਰਕਮ ਨੁੰ ਅੰਮ੍ਰਿਤਸਰ ਦੇ ਸ਼ਾਹੂਕਾਰਾਂ ਕੋਲ ਜਮਾਂ ਕੀਤਾ ਜਾਂਦਾ । ਸੁਰ ਸਿੰਘ ਪਿੰਡ ਦੇ ਭਾਈ ਦੇਸ ਰਾਜ ਨੂੰ ਸਾਰੇ ਕੰਮ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਅਤੇ ਇਕ ਸਪੈਸ਼ਲ ਸੀਲ ‘ਗੁਰੂ ਕੀ ਮੋਹਰ’ ਦੇ ਨਾਂ ਦੀ ਦਿਤੀ ਗਈ ਜਿਸ ਦੁਆਰਾ ਉਹ ਹੋਰ ਵਿ ਫ਼ੰਡ ਇਕੱਠਾ ਕਰ ਸਕਦਾ ਸੀ।ਸਤਵੇਂ ਹੱਲੇ ਵੇਲੇ ੧ ਦਸੰਬਰ ੧੭੬੪ ਨੂੰ ਅਬਦਾਲੀ ਮਾਰ ਮਾਰ ਕਰਦਾ ਹੋਇਆ ਜਦੋਂ ਸ੍ਰੀ ਦਰਬਾਰ ਸਾਹਿਬ ਪੁੱਜਾ ਤਾਂ ਸ਼ਹੀਦ ਮਿਸਲ ਦੇ ਸ੍ਰ: ਗੁਰਬਖਸ਼ ਹਿੰਘ ਨੇ ੩੦ ਸਿੰਘਾਂ ਦੀ ਅਗਵਾਈ ਕਰਦੇ ਹੋਏ ਉਸ ਦਾ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ।ਰਣਜੀਤ ਸਿੰਘ ਦੇ ਤਾਕਤ ਵਿਚ ਆਣ ਤਕ ਸੁਰਗਦੁਆਰੀਆਂ ,ਪੁਲ ਤੇ ਜ਼ਮੀਨੀ ਮੰਜ਼ਲ ਦੀ ਉਸਾਰੀ ਪੂਰੀ ਹੋ ਚੁਕੀ ਸੀ।ਹਰਿਮੰਦਰ ਸਾਹਿਬ ਆਪਣੀ ਅੱਜ ਦੀ ਹੋਂਦ ਵਿਚ ਸਿਖ ਮਹਾਰਾਜਾ ਰਣਜੀਤ ਸਿੰਘ ਵੇਲੇ ਆਇਆ।ਮੁੜ ਉਸਾਰੀ ਵੇਲੇ ਇਸ ਦੇ ਮੁਢਲੇ ਡੀਜ਼ਾਈਨ ਨੂੰ ਬਰਕਰਾਰ ਰਖਿਆ ਗਿਆ,ਵਧੇਰੇ ਕੇਵਲ ਕੰਧਾਂ ਤੇ ਛੱਤ ਤੇ ਸ਼ਿੰਗਾਰਦਾਰ ਜੜਤ ਤੇ ਨਕਾਸ਼ਕਾਰੀ ਇਨ੍ਹਾਂ ਦਿਨਾਂ ਵਿਚ ਕੀਤੀ ਗਈ।
੧੨.੨੫ ਮੁਰੱਬਾ ਮੀਟਰ ਦੋ ਮੰਜ਼ਲਾ ਗੁੰਬਦਦਾਰ ਇਮਾਰਤ ਜੋ ੧੯.੭ ਮੁਰੱਬਾ ਮੀਟਰ ਥੜੇ ਤੇ ਖੜੀ ਹੈ ਜੋਕਿ ਲਗਭਗ ਮੁਰੱਬਾ ੧੫੪.੫x੧੪੮.੫ ਮੀਟਰ ਤੇ ੫.੧ ਮੀਟਰ ਡੂੰਘੇ ਸਰੋਵਰ ਦੇ ਵਿਚਕਾਰ ਸਥਿਤ ਹੈ।ਇਹ ਉੱਤਰ ਪੱਛਮੀ ਦਿਸ਼ਾ ਵਲੌਂ ੬੦ ਮੀਟਰ ਲੰਬੇ ੫.6 ਮੀਟਰ ਚੌੜੇ ਪੁਲ ਦੁਆਰਾ ਪਹੁੰਚੀ ਜਾ ਸਕਦੀ ਹੈ ਜਿਸ ਦੇ ਅਰੰਭ ਵਿਚ ਇਕ ਪ੍ਰਵੇਸ਼ ਦਵਾਰ ਸਥਿਤ ਹੈ ਜੋ ਦਰਸ਼ਨੀ ਡਿਉੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਮਾਰਤ ਦੇ ਪੁਲ ਤੌਂ ਦੂਸਰੇ ਪਾਸੇ ਵਲ ਅਰਧ ਛਟਭੁਜਾ ਆਕਾਰ ਬਣਾਂਦੀ ਇਮਾਰਤ ਦੀ ਅੰਤਿਕਾ ਵਿਚ ਸਰੋਵਰ ਵਿਚ ਉਤਰਦੀਆਂ ਪੌੜੀਆਂ ਹਨ ਜਿਨ੍ਹਾਂ ਨੂੰ ਹਰਿ ਕੀ ਪੌੜੀ ਕਿਹਾ ਜਾਂਦਾ ਹੈ।ਇਮਾਰਤ ਦੀਆਂ ਦੋ ਮੰਜ਼ਲਾਂ ਹਨ।ਪਹਿਲੀ ਮੰਜ਼ਲ ਦੇ ਅੰਦਰਲੇ ਵਰਗਾਕਾਰ ਹਿਸੇ ਨੂੰ ਘੇਰਾ ਕਰਦੀ ਗੈਲਰੀ ਹੈ ਜਿਸ ਵਿਚ ਪੌੜੀਆਂ ਜੋਕਿ ਹਰਿ ਕੀ ਪੌੜੀ ਵਲ ਖੁਲ੍ਹਣ ਵਾਲੀ ਜਗਾਂ ਦੇ ਦੋਵੀਂ ਪਾਸੀਂ ਹਨ, ਰਾਹੀਂ ਪਹੁੰਚਿਆ ਜਾ ਸਕਦਾ ਹੈ।ਪੂਰੀ ਇਮਾਰਤ ਵਿਚ ਦੋ ਫ਼ਰਸ਼ ਹਨ ।ਇਮਾਰਤ ਦਾ ਬਾਹਰੀ ਜ਼ਮੀਨੀ ਤਲ ਵਾਲਾ ਮੱਥਾ ਤੇ ਚੁਫ਼ੇਰਾ ਚਿੱਟੇ ਸੰਗਮਰਮਰੀ ਪੱਥਰ ਦਾ ਬਣਿਆ ਹੈ ਜਿਸ ਉੱਤੇ ਪੈਨਲ ਬਣਾ ਕੇ ਨਕਾਸ਼ਕਾਰੀ ਕੀਤੀ ਗਈ ਹੈ।ਬਾਹਰਲੇ ਉਪਰਲੇ ਹਿੱਸੇ ਨੂੰ ਸੋਨੇ ਨਾਲ ਕਲਸ਼ ਕੀਤੇ ਤਾਂਬੇ ਦੇ ਪਤਰਿਆਂ ਨਾਲ ਜੜਿਆ ਹੋਇਆ ਹੈ ਜਿਨ੍ਹਾਂ ਉਤੇ ਫ਼ਲਾਂ,ਪੰਛੀਆਂ ਤੇ ਹੋਰ ਕਈ ਸੀਨਰੀਆਂ ਦੇ ਦ੍ਰਿਸ਼ ਪਤਰੇ ਨੂੰ ਉਭਾਰ ਕੇ ਬਣਾਏ ਗਏ ਹਨ।ਮੱਥੇ ਉੱਤੇ ਵਿਚਕਾਰਲੀ ਖਿੜਕੀ ਉਪਰ ਗੁਰੂ ਨਾਨਕ ਸਾਹਿਬ ਦਾ ਭਾਈ ਬਾਲੇ ਤੇ ਮਰਦਾਨੇ ਸਹਿਤ ਇਕ ਚਿਤਰ ਇਨ੍ਹਾਂ ਪਤਰਿਆਂ ਵਿਚ ਉਭਾਰ ਕੇ ਬਣਾਇਆ ਗਿਆ ਹੈ।ਛੱਤ ਦੇ ਪਧਰ ਤੇ ਇਕ ਚੌੜਾ ਛੱਜਾ ਬੰਨਿਆਂ ਉਪਰਲੀ ਸ਼ਾਨਦਾਰ ਰਾਜਗੀਰੀ ਨੂੰ ਵਖਰਾ ਕਰ ਕੇ ਉਘਾੜਦਾ ਹੈ।ਛੱਤ ਉਤੇ ਕੇਂਦਰੀ ਵਰਗ ਹਿੱਸੇ ਨੂੰ ਅਰਧਗੋਲਾਕਾਰ ਗੁੰਬਜ਼ ਨੇ ਢਕਿਆ ਹੋਇਆ ਹੈ।ਬਾਹੀਆਂ ਛੋਟੇ ਛੋਟੇ ਗੁੰਬਜ਼ਾਂ ਨਾਲ ਸ਼ਿੰਗਾਰੀਆਂ ਹਨ ਜਿਨ੍ਹਾਂ ਦੇ ਕੋਨਿਆਂ ਤੇ ਕਲਸ਼ਦਾਰ ਬੁਰਜੀਆਂ ਬਣੀਆਂ ਹੋਇਆਂ ਹਨ ਜੋਕਿ ਵਿਚਲੇ ਗੁੰਬਜ਼ ਦੀ ਸ਼ੋਭਾ ਨੂੰ ਵਧਾਂਦੀਆ ਹਨ। ਅੰਦਰੂਨੀ ਸੁੰਦਰਤਾ ਤਾਂ ਦੇਖਿਆਂ ਹੀ ਬਣਦੀ ਹੈ। ਜ਼ਮੀਨੀ ਤਲ ਦੇ ਵਿਚਕਾਰਲੇ ਵਰਗਾਕਾਰ ਫ਼ਰਸ਼ ਉੱਤੇ ਪੀੜਾ ਸਾਹਿਬ ਉਪਰ ਸ੍ਰੀ ਗੁਰੂ ਗਰੰਥ ਸਾਹਿਬ ਦਾ ਪਰਕਾਸ਼ ਕੀਤਾ ਜਾਂਦਾ ਹੈ। ਅੰਦਰਲੀਆਂ ਦੀਵਾਰਾਂ ਤੇ ਸੋਨੇ ਰੰਗੇ ਰੋਗਨ ਨਾਲ ਫਲ,ਫੁਲਦਾਰ ਡੀਜ਼ਾਈਨ ਤੇ ਕਈ ਆਕਾਰ ਬੰਦਗੀ ਦੇ ਸਰੂਪ ਵਿਚ ਚਿਤਰਿਤ ਹਨ ।ਇਹ ਨੱਕਾਸ਼ੀ ਅੰਦਰਲੀ ਛੱਤ ਤਕ ਫ਼ੈਲੀ ਹੈ।ਦੀਵਾਰਾਂ ਉਤੇ ਕਈ ਥਾਈਂ ਗੁਰਬਾਣੀ ਦੀਆਂ ਤੁਕਾਂ ਅੰਕਿਤ ਹਨ।ਹੇਠਲੀਆਂ ਸੰਗਮਰਮਰੀ ਦੀਵਾਰਾਂ ਉਤੇ ਦੁਰਲੱਭ ਤਰਾਂ ਦੀ ਮੀਨਾਕਾਰੀ ਕੀਤੀ ਹੋਈ ਹੈ। ਇਕ ਥਾਂ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਸਵਾਰੀ ਕਰਦੇ ਹੋਏ ਚਿਤਰ ਵੀ ਉਕਰਿਆ ਹੈ।